Text copied!
Bibles in Panjabi

ਜ਼ਬੂਰ 69:1-18 in Panjabi

Help us?

ਜ਼ਬੂਰ 69:1-18 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰੀਮ ਰਾਗ ਵਿੱਚ ਦਾਊਦ ਦਾ ਗੀਤ। ਹੇ ਪਰਮੇਸ਼ੁਰ ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੱਕ ਜੋ ਆਏ ਹਨ!
2 ਮੈਂ ਡਾਢੇ ਚਿੱਕੜ ਵਿੱਚ ਧੱਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ।
3 ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ-ਉਡੀਕਦਿਆਂ ਮੇਰੀਆਂ ਅੱਖੀਆਂ ਰਹਿ ਗਈਆਂ!
4 ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ।
5 ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਅਪਰਾਧ ਤੈਥੋਂ ਲੁਕੇ ਹੋਏ ਨਹੀਂ।
6 ਹੇ ਪ੍ਰਭੂ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! ਹੇ ਇਸਰਾਏਲ ਦੇ ਪਰਮੇਸ਼ੁਰ ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!।
7 ਮੈਂ ਤੇਰੇ ਹੀ ਕਾਰਨ ਨਿੰਦਾ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।
8 ਮੈਂ ਆਪਣੇ ਭਰਾਵਾਂ ਵਿੱਚ ਬੇਗਾਨਾ, ਅਤੇ ਮਾਂ-ਜਾਇਆਂ ਵਿੱਚ ਗੈਰ ਹੋਇਆ ਹਾਂ,
9 ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।
10 ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ!
11 ਜਦ ਮੈਂ ਤੱਪੜ ਆਪਣਾ ਬਿਸਤਰ ਬਣਾਇਆ, ਤਾਂ ਮੈਂ ਉਨ੍ਹਾਂ ਦੀ ਕਹਾਉਤ ਬਣਿਆ।
12 ਸ਼ਹਿਰ ਦੇ ਫਾਟਕ ਵਿੱਚ ਬੈਠਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ।
13 ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ।
14 ਮੈਨੂੰ ਚਿੱਕੜ ਵਿੱਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ!
15 ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
16 ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
17 ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇ।
18 ਮੇਰੇ ਨੇੜੇ ਆ ਅਤੇ ਮੈਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ!
ਜ਼ਬੂਰ 69 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ