5 ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6 ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।
7 ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ,। ਸਲਹ।
8 ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ।
9 ਹੇ ਪਰਮੇਸ਼ੁਰ, ਤੂੰ ਡਾਢੀ ਵਰਖਾ ਵਰ੍ਹਾਈ, ਅਤੇ ਆਪਣੇ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ।
10 ਤੇਰੀ ਪਰਜਾ ਉਸ ਵਿੱਚ ਵੱਸੀ, ਤੂੰ, ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਦੀ ਸੇਵਾ ਕੀਤੀ।
11 ਪ੍ਰਭੂ ਹੁਕਮ ਦਿੰਦਾ ਹੈ, ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ,
12 “ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ!” ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ।
13 ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, ਤਾਂ ਵੀ ਘੁੱਗੀ ਦੇ ਖੰਭ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ।
14 ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ!
15 ਬਾਸ਼ਾਨ ਦਾ ਪਰਬਤ ਪਰਮੇਸ਼ੁਰ ਦਾ ਪਰਬਤ ਹੈ, ਬਾਸ਼ਾਨ ਦਾ ਪਰਬਤ ਚੋਟੀਆਂ ਦਾ ਪਰਬਤ ਹੈ।
16 ਹੇ ਚੋਟੀਆਂ ਦੇ ਪਰਬਤੋਂ ਤੁਸੀਂ ਉਸ ਪਰਬਤ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ ਕਿਉਂ ਈਰਖਾ ਨਾਲ ਤੱਕਦੇ ਹੋ? ਯਹੋਵਾਹ ਸਦਾ ਤੱਕ ਉਸ ਵਿੱਚ ਵੱਸੇਗਾ।
17 ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, ਪ੍ਰਭੂ ਉਨ੍ਹਾਂ ਦੇ ਵਿੱਚ ਹੈ ਜਿਵੇਂ ਸੀਨਈ ਪਵਿੱਤਰ ਸਥਾਨ ਵਿੱਚ ਹੈ।
18 ਤੂੰ ਉਤਾਹਾਂ ਉਠਾਇਆ ਗਿਆ, ਤੂੰ ਬੰਦੀਆਂ ਨੂੰ ਬੰਨ੍ਹ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ।
19 ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ!। ਸਲਹ।