2 ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਉਹਨਾਂ ਨੂੰ ਉਡਾ ਦੇ, ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ!
3 ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ-ਬਾਗ ਹੋਣ, ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ!
4 ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, ਥਲਾਂ ਵਿੱਚ ਸਵਾਰ ਲਈ ਇੱਕ ਸ਼ਾਹੀ ਸੜਕ ਬਣਾਓ, ਉਹ ਦਾ ਨਾਮ ਯਾਹ ਹੈ, ਉਹ ਦੇ ਅੱਗੇ ਬਾਗ-ਬਾਗ ਹੋ ਜਾਓ!
5 ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6 ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।
7 ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ,। ਸਲਹ।
8 ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ।