Text copied!
Bibles in Panjabi

ਜ਼ਬੂਰ 37:20-40 in Panjabi

Help us?

ਜ਼ਬੂਰ 37:20-40 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

20 ਦੁਸ਼ਟ ਨਾਸ ਹੋ ਜਾਣਗੇ, ਅਤੇ ਯਹੋਵਾਹ ਦੇ ਵੈਰੀ ਮੈਦਾਨ ਦੀ ਘਾਹ ਵਰਗੇ ਹੋਣਗੇ, ਉਹ ਮਿਟ ਜਾਣਗੇ ਸਗੋਂ ਧੂੰਏਂ ਵਾਂਗੂੰ ਮਿਟ ਜਾਣਗੇ।
21 ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ।
22 ਯਹੋਵਾਹ ਦੇ ਮੁਬਾਰਕ ਲੋਕ ਧਰਤੀ ਦੇ ਵਾਰਿਸ ਹੋਣਗੇ, ਪਰ ਉਹ ਦੇ ਸਰਾਪੀ ਕੱਢ ਦਿੱਤੇ ਜਾਣਗੇ।
23 ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ।
24 ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਸਦਾ ਹੱਥ ਸੰਭਾਲਦਾ ਹੈ।
25 ਮੈਂ ਜੁਆਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ।
26 ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਉਸ ਦੀ ਅੰਸ ਮੁਬਾਰਕ ਹੈ।
27 ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੱਕ ਵੱਸ।
28 ਯਹੋਵਾਹ ਤਾਂ ਨਿਆਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੱਕ ਰੱਖਿਆ ਹੁੰਦੀ ਹੈ, ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ।
29 ਧਰਮੀ ਧਰਤੀ ਦੇ ਵਾਰਿਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।
30 ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ, ਅਤੇ ਉਹ ਦੀ ਜੁਬਾਨ ਨਿਆਂ ਦੀ ਗੱਲ ਕਰਦੀ ਹੈ।
31 ਉਸ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ।
32 ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ, ਕਿ ਉਹ ਨੂੰ ਜਾਨੋਂ ਮਾਰੇ।
33 ਯਹੋਵਾਹ ਉਹ ਨੂੰ ਉਸ ਦੇ ਵੱਸ ਵਿੱਚ ਨਾ ਛੱਡੇਗਾ ਅਤੇ ਜਦ ਉਹ ਦਾ ਫੈਸਲਾ ਹੋ ਜਾਵੇਗਾ ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ।
34 ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਣਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਿਸ ਬਣੇਂ। ਤੂੰ ਦੁਸ਼ਟਾਂ ਦਾ ਛੇਕਿਆ ਜਾਣਾ ਵੇਖੇਂਗਾ।
35 ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, ਅਤੇ ਆਪਣੀ ਨਿੱਜ ਭੂਮੀ ਵਿੱਚ ਕੇਦਾਰ ਦੇ ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਦੇਖਿਆ।
36 ਪਰ ਉਹ ਲੰਘ ਗਿਆ ਅਤੇ ਵੇਖੋ, ਉਹ ਹੈ ਹੀ ਨਹੀਂ, ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ।
37 ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।
38 ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!
39 ਪਰ ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਤੇ ਦੁੱਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ,
40 ਅਤੇ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ ਅਤੇ ਛੁਡਾਉਂਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਅਤੇ ਬਚਾਉਂਦਾ ਹੈ, ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ।
ਜ਼ਬੂਰ 37 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ