1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ, ਆਪਣੇ ਧਰਮ ਨਾਲ ਮੈਨੂੰ ਛੁਡਾ!
2 ਆਪਣਾ ਕੰਨ ਮੇਰੀ ਲਾ ਅਤੇ ਮੈਨੂੰ ਛੇਤੀ ਛੁਡਾ! ਤੂੰ ਮੇਰੇ ਲਈ ਇੱਕ ਮਜ਼ਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ।
3 ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ।
4 ਤੂੰ ਉਸ ਜਾਲ਼ ਵਿੱਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਲੁੱਕ ਕੇ ਵਿਛਾਇਆ ਹੈ ਮੈਨੂੰ ਕੱਢ, ਤੂੰ ਜੋ ਮੇਰਾ ਗੜ੍ਹ ਹੈਂ।
5 ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ!
6 ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ।
7 ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ, ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।
8 ਤੂੰ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, ਤੂੰ ਖੁੱਲ੍ਹੇ ਥਾਂ ਵਿੱਚ ਮੇਰੇ ਪੈਰ ਸਥਿਰ ਕੀਤੇ ਹਨ।
9 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ। ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, ਮੇਰੀ ਜਾਨ ਅਤੇ ਮੇਰਾ ਸਰੀਰ ਵੀ।
10 ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਸਾਲ ਹੌਂਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕੰਮਾਂ ਕਾਰਨ ਮੇਰਾ ਬਲ ਘੱਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ।
11 ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖ਼ਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ।