Text copied!
Bibles in Panjabi

ਜ਼ਬੂਰ 22:1-17 in Panjabi

Help us?

ਜ਼ਬੂਰ 22:1-17 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਅਬਲੇਰਸ਼ਰ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾਂ ਦੇ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ?
2 ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ।
3 ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ।
4 ਸਾਡੇ ਪੁਰਖਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਨੂੰ ਛੁਡਾਇਆ।
5 ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ।
6 ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ।
7 ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖ਼ੌਲ ਵਿੱਚ ਉਡਾਉਂਦੇ ਹਨ, ਓਹ ਬੁੱਲ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ,
8 “ਯਹੋਵਾਹ ਦੇ ਅਧੀਨ ਹੋ ਜਾ, ਉਹ ਹੀ ਉਸ ਨੂੰ ਛੁਡਾਵੇ, ਉਹ ਹੀ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ।”
9 ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ, ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ,
10 ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
11 ਮੈਥੋਂ ਦੂਰ ਨਾ ਰਹਿ ਕਿਉਂ ਜੋ ਬਿਪਤਾ ਨੇੜੇ ਆ ਗਈ ਹੈ, ਅਤੇ ਕੋਈ ਸਹਾਇਕ ਨਹੀਂ।
12 ਬਹੁਤੇ ਬਲ਼ਦਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ,
13 ਓਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਮੇਰੇ ਉੱਤੇ ਮੂੰਹ ਅੱਡਦੇ ਹਨ।
14 ਮੈਂ ਪਾਣੀ ਵਾਂਗੂੰ ਡੋਲ੍ਹਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪਿਘਲ ਗਿਆ ਹੈ।
15 ਮੇਰਾ ਗਲ਼ਾ ਠੀਕਰੇ ਵਾਂਗੂੰ ਸੁੱਕ ਗਿਆ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਰੱਖ ਛੱਡਿਆ।
16 ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ।
17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ।
ਜ਼ਬੂਰ 22 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ