10 ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ!
11 ਯਹੋਵਾਹ ਨੇ ਦਾਊਦ ਨਾਲ ਸੱਚੀ ਸਹੁੰ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,
12 ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਣਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ-ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ।
13 ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ।
14 ਇਹ ਸਦਾ ਲਈ ਵਿਸ਼ਰਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ।
15 ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ।
16 ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ!