Text copied!
Bibles in Panjabi

ਜ਼ਬੂਰ 119:123-166 in Panjabi

Help us?

ਜ਼ਬੂਰ 119:123-166 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

123 ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ।
124 ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ।
125 ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼, ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ।
126 ਇਹ ਯਹੋਵਾਹ ਦੇ ਕੰਮ ਦਾ ਵੇਲਾ ਹੈ, ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ!
127 ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ!
128 ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ, ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।
129 ਤੇਰੀਆਂ ਸਾਖੀਆਂ ਅਚਰਜ਼ ਹਨ, ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ!
130 ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ।
131 ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ।
132 ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ।
133 ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ, ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ।
134 ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, ਕਿ ਮੈਂ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਾਂ।
135 ਆਪਣੇ ਮੁੱਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ।
136 ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ।
137 ਹੇ ਯਹੋਵਾਹ, ਤੂੰ ਧਰਮੀ ਹੈਂ, ਅਤੇ ਤੇਰੇ ਨਿਆਂ ਸਿੱਧੇ ਹਨ।
138 ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ।
139 ਮੇਰੀ ਗ਼ੈਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ।
140 ਤੇਰਾ ਬਚਨ ਅੱਤ ਤਾਇਆ ਹੋਇਆ ਹੈ, ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ।
141 ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ!
142 ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ।
143 ਦੁੱਖ ਤੇ ਰੰਜ ਮੈਨੂੰ ਲੱਭਾ, ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ।
144 ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ, ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ।
145 ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ!
146 ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ!
147 ਮੈਂ ਪਹੁ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, ਮੈਂ ਤੇਰੇ ਬਚਨ ਲਈ ਆਸਾ ਰੱਖੀ।
148 ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁੱਲ੍ਹੀਆਂ ਰਹੀਆਂ, ਕਿ ਤੇਰੇ ਬਚਨ ਵਿੱਚ ਲੀਨ ਹੋਵਾਂ।
149 ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ!
150 ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, ਓਹ ਤੇਰੀ ਬਿਵਸਥਾ ਤੋਂ ਦੂਰ ਹਨ।
151 ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ!
152 ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ!।
153 ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ!
154 ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ, ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ!
155 ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ।
156 ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, ਆਪਣੇ ਨਿਆਂਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ!
157 ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ।
158 ਮੈਂ ਚਾਲਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ, ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ।
159 ਵੇਖ, ਕਿ ਮੈਂ ਤੇਰੇ ਫ਼ਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ!
160 ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ।
161 ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈਅ ਰੱਖਦਾ ਹੈ।
162 ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਵੇਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ!
163 ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ।
164 ਤੇਰੇ ਧਰਮ ਦੇ ਨਿਆਂਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ।
165 ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।
166 ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ।
ਜ਼ਬੂਰ 119 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ