5 ਤਾਂ ਮੂਸਾ ਨੇ ਇਸਰਾਏਲ ਦੇ ਨਿਆਂਈਆਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ!
6 ਤਾਂ ਵੇਖੋ, ਮੂਸਾ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਇਸਤਰੀ ਨੂੰ ਲੈ ਆਇਆ।
7 ਜਦ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ।
8 ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ।
9 ਉਸ ਬਵਾ ਨਾਲ ਚੌਵੀ ਹਜ਼ਾਰ ਮਰ ਗਏ ਸਨ।
10 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
11 ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਜਦ ਉਹ ਉਨ੍ਹਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਦੇ ਕਾਰਨ ਨਾਸ ਨਹੀਂ ਕੀਤਾ।
12 ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ।