30 ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਸ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰੀ ਕੀਤੀ ਹੈ? ਕੀ ਕਦੀ ਪਹਿਲਾਂ ਵੀ ਮੈਂ ਤੇਰੇ ਨਾਲ ਅਜਿਹਾ ਕੀਤਾ ਹੈ? ਉਸ ਆਖਿਆ, ਨਹੀਂ।
31 ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਨੂੰ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜ੍ਹੇ ਵੇਖਿਆ ਅਤੇ ਉਹ ਦੀ ਤਲਵਾਰ, ਉਹ ਦੇ ਹੱਥ ਵਿੱਚ ਸੀ ਤਾਂ ਉਹ ਆਪਣਾ ਸਿਰ ਨਿਵਾ ਕੇ ਉਸ ਦੇ ਅੱਗੇ ਝੁਕਿਆ।
32 ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਕਈ ਆਇਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਸਹੀ ਨਹੀਂ ਹੈ।
33 ਗਧੀ ਨੇ ਮੈਨੂੰ ਵੇਖਿਆ ਅਤੇ ਮੇਰੇ ਵੱਲੋਂ ਤਿੰਨ ਵਾਰੀ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ।
34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖੜ੍ਹਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਂਵਾਂਗਾ।
35 ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ।
36 ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਹੀ ਸੀ।
37 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਜ਼ਰੂਰਤ ਵਿੱਚ ਨਹੀਂ ਬੁਲਾਇਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈਂ ਤੈਨੂੰ ਇੱਕ ਵੱਡਾ ਇਨਾਮ ਨਹੀਂ ਸੀ ਦੇ ਸਕਦਾ?
38 ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ।
39 ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਉਹ ਕਿਰਯਤ-ਹਸੋਥ ਵਿੱਚ ਆਏ।
40 ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਤੇ ਉਨ੍ਹਾਂ ਹਾਕਮਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਭੇਜਿਆ।