5 ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ। ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ!
6 ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ, ਤਦ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ।
7 ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ। ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ। ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ।
8 ਯਹੋਵਾਹ ਨੇ ਮੂਸਾ ਨੂੰ ਆਖਿਆ, ਇੱਕ ਜ਼ਹਿਰੀਲਾ ਸੱਪ ਬਣਾ ਕੇ ਉਸ ਨੂੰ ਇੱਕ ਡੰਡੇ ਉੱਤੇ ਰੱਖਦੇ, ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ।
9 ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ।
10 ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ।
11 ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ।
12 ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ।
13 ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿੱਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ।
14 ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ: ਵਾਹੇਬ ਜਿਹੜਾ ਸੂਫ਼ਾਹ ਵਿੱਚ ਹੈ, ਅਤੇ ਅਰਨੋਨ ਦੀਆਂ ਵਾਦੀਆਂ।
15 ਅਤੇ ਵਾਦੀਆਂ ਦੀ ਢਾਲ਼, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।
16 ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।
17 ਤਦ ਇਸਰਾਏਲ ਨੇ ਇਹ ਗੀਤ ਗਾਇਆ: ਹੇ ਖੂਹ, ਉਮੜ੍ਹ ਆ! ਉਸ ਲਈ ਗਾਓ।