10 ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ।
11 ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ।
12 ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ।
13 ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿੱਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ।
14 ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ: ਵਾਹੇਬ ਜਿਹੜਾ ਸੂਫ਼ਾਹ ਵਿੱਚ ਹੈ, ਅਤੇ ਅਰਨੋਨ ਦੀਆਂ ਵਾਦੀਆਂ।
15 ਅਤੇ ਵਾਦੀਆਂ ਦੀ ਢਾਲ਼, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।
16 ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।
17 ਤਦ ਇਸਰਾਏਲ ਨੇ ਇਹ ਗੀਤ ਗਾਇਆ: ਹੇ ਖੂਹ, ਉਮੜ੍ਹ ਆ! ਉਸ ਲਈ ਗਾਓ।
18 ਉਹ ਖੂਹ ਜਿਸ ਨੂੰ ਹਾਕਮਾਂ ਨੇ ਪੁੱਟਿਆ, ਅਤੇ ਲੋਕਾਂ ਦੇ ਪਤਵੰਤਾਂ ਨੇ ਆੱਸੇ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ!
19 ਉਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ।
20 ਅਤੇ ਬਾਮੋਥ ਤੋਂ ਉਸ ਘਾਟੀ ਨੂੰ ਜਿਹੜੀ ਮੋਆਬ ਦੇ ਮੈਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਉਜਾੜ ਵੱਲ ਨੂੰ ਝੁਕੀ ਹੋਈ ਹੈ।
21 ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ,
22 ਤੁਸੀਂ ਸਾਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘ ਜਾਣ ਦਿਓ। ਅਸੀਂ ਖੇਤ, ਅੰਗੂਰਾਂ ਦੇ ਬਾਗ਼ਾਂ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਰਾਹੀਂ ਚੱਲਾਂਗੇ ਜਦ ਤੱਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ।
23 ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ।