29 ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾਂ ਮਨੁੱਖਾਂ ਦੇ ਵਾਲੀ ਹੋਵੇ, ਅਖ਼ੀਰ ਇਸ ਗੱਲ ਨੂੰ ਜਾਣੋ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੀ ਨਹੀਂ।
30 ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ, ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਸਭਨਾਂ ਵਸਤੂਆਂ ਨੂੰ ਨਿਗਲ ਲਵੇ ਅਤੇ ਉਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਨਿਰਾਦਰ ਕੀਤਾ ਹੈ!
31 ਤਦ ਅਜਿਹਾ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ ਤਾਂ ਭੂਮੀ ਜਿਹੜੀ ਉਨ੍ਹਾਂ ਦੇ ਹੇਠ ਸੀ, ਫੱਟ ਗਈ
32 ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਹ ਵੱਲ ਸਨ, ਉਨ੍ਹਾਂ ਦਾ ਸਭ ਕੁਝ ਨਿਗਲ ਲਿਆ।
33 ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਸਭਾ ਵਿੱਚੋਂ ਨਾਸ ਹੋ ਗਏ।
34 ਤਦ ਸਾਰੇ ਇਸਰਾਏਲੀ ਜਿਹੜੇ ਉਨ੍ਹਾਂ ਦੇ ਆਲੇ-ਦੁਆਲੇ ਸਨ, ਉਨ੍ਹਾਂ ਦੀਆਂ ਚੀਕਾਂ ਸੁਣ ਕੇ ਇਹ ਕਹਿੰਦੇ ਹੋਏ ਦੌੜ ਗਏ ਕਿਤੇ ਅਜਿਹਾ ਨਾ ਹੋਵੇ ਕਿ ਧਰਤੀ ਸਾਨੂੰ ਵੀ ਨਿਗਲ ਲਵੇ!
35 ਤਦ ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਹ ਉਨ੍ਹਾਂ ਧੂਪ ਧੁਖਾਉਣ ਵਾਲੇ ਢਾਈ ਸੌ ਮਨੁੱਖਾਂ ਨੂੰ ਭਸਮ ਕਰ ਗਈ।