13 ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ?
14 ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ? ਅਸੀਂ ਤਾਂ ਅੱਗੇ ਨਹੀਂ ਜਾਣਾ!
15 ਤਦ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ।
16 ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ।
17 ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ।
18 ਤਾਂ ਹਰ ਮਨੁੱਖ ਨੇ ਆਪਣਾ-ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਨ੍ਹਾਂ ਉੱਤੇ ਧੂਪ ਵੀ ਪਾਈ ਅਤੇ ਮੂਸਾ ਅਤੇ ਹਾਰੂਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ।
19 ਤਾਂ ਕੋਰਹ ਨੇ ਸਾਰੀ ਟੋਲੀ ਨੂੰ ਉਨ੍ਹਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ ਤਦ ਯਹੋਵਾਹ ਦਾ ਪਰਤਾਪ ਸਾਰੀ ਮੰਡਲੀ ਉੱਤੇ ਪਰਗਟ ਹੋਇਆ।
20 ਤਾਂ ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ,
21 ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੇਰ ਵਿੱਚ ਭੱਖ ਲਵਾਂ।
22 ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ?
23 ਤਾਂ ਯਹੋਵਾਹ ਮੂਸਾ ਨਾਲ ਬੋਲਿਆ,
24 ਮੰਡਲੀ ਨੂੰ ਬੋਲ ਕਿ ਉਹ ਕੋਰਹ ਅਤੇ ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਚੱਲੇ ਜਾਣ।
25 ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਏਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ-ਪਿੱਛੇ ਗਏ
26 ਉਹ ਮੰਡਲੀ ਨੂੰ ਬੋਲਿਆ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਦੂਰ ਹੋ ਜਾਓ ਅਤੇ ਉਨ੍ਹਾਂ ਦੀ ਕਿਸੇ ਵੀ ਵਸਤੂ ਨੂੰ ਨਾ ਛੂਹਣਾ, ਕਿਤੇ ਤੁਸੀਂ ਵੀ ਉਨ੍ਹਾਂ ਦੇ ਸਾਰੇ ਪਾਪਾਂ ਵਿੱਚ ਸਾਂਝੀ ਹੋਵੋ!
27 ਸੋ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਨੂੰ ਚੱਲੇ ਗਏ ਤਾਂ ਦਾਥਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜਿਆਂ ਵਿੱਚ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਬਾਲ-ਬੱਚਿਆਂ ਦੇ ਨਾਲ ਖੜ੍ਹੇ ਹੋ ਗਏ।