6 ਪਰ ਹੁਣ ਸਾਡੀ ਭੁੱਖ ਮਰ ਗਈ ਹੈ। ਹੁਣ ਤਾਂ ਸਾਨੂੰ ਮੰਨੇ ਤੋਂ ਇਲਾਵਾ ਕੁਝ ਵੀ ਨਹੀਂ ਦਿਸਦਾ!
7 ਉਹ ਮੰਨਾ ਤਾਂ ਧਨੀਏ ਵਰਗਾ ਸੀ ਅਤੇ ਦੇਖਣ ਵਿੱਚ ਮੋਤੀ ਦੀ ਤਰ੍ਹਾਂ ਦਿਸਦਾ ਸੀ।
8 ਲੋਕ ਇੱਧਰ-ਉੱਧਰ ਜਾ ਕੇ ਉਸ ਨੂੰ ਇਕੱਠਾ ਕਰਕੇ ਉਸ ਨੂੰ ਚੱਕੀ ਵਿੱਚ ਪੀਂਹਦੇ, ਓਖਲੀ ਵਿੱਚ ਕੁੱਟਦੇ ਸਨ, ਫੇਰ ਉਸ ਨੂੰ ਤਵੀਆਂ ਉੱਤੇ ਤਲ ਕੇ ਉਸ ਦੇ ਫੁਲਕੇ ਬਣਾ ਲੈਂਦੇ ਸਨ ਅਤੇ ਉਹ ਦਾ ਸੁਆਦ ਤੇਲ ਵਿੱਚ ਤਲੀਆਂ ਹੋਈਆਂ ਪੂੜੀਆਂ ਵਰਗਾ ਸੀ।
9 ਜਦ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ ਤਦ ਮੰਨਾ ਵੀ ਉਸ ਨਾਲ ਉਤਰਦਾ ਸੀ।
10 ਮੂਸਾ ਨੇ ਪਰਜਾ ਵਿੱਚੋਂ ਹਰ ਮਨੁੱਖ ਨੂੰ ਆਪਣੇ ਪਰਿਵਾਰ ਨਾਲ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਰੋਂਦੇ ਸੁਣਿਆ ਤਾਂ ਯਹੋਵਾਹ ਦਾ ਕ੍ਰੋਧ ਬਹੁਤ ਭੜਕਿਆ ਅਤੇ ਮੂਸਾ ਇਸ ਗੱਲ ਤੋਂ ਪਰੇਸ਼ਾਨ ਹੋਇਆ।
11 ਤਦ ਮੂਸਾ ਨੇ ਯਹੋਵਾਹ ਨੂੰ ਪੁੱਛਿਆ, ਤੂੰ ਆਪਣੇ ਦਾਸ ਉੱਤੇ ਇਹ ਬਿਪਤਾ ਕਿਉਂ ਲਿਆਂਦੀ ਹੈ? ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਕਿਉਂ ਨਹੀਂ ਰਹੀ? ਜੋ ਤੂੰ ਇਸ ਸਾਰੀ ਪਰਜਾ ਦਾ ਭਾਰ ਮੇਰੇ ਉੱਤੇ ਪਾਉਂਦਾ ਹੈ?
12 ਕੀ ਮੈਂ ਹੀ ਇਸ ਪਰਜਾ ਨੂੰ ਗਰਭ ਵਿੱਚ ਲਿਆ? ਕੀ ਮੈਂ ਹੀ ਉਨ੍ਹਾਂ ਨੂੰ ਜੰਮਿਆ ਜੋ ਤੂੰ ਮੈਨੂੰ ਆਖਦਾ ਹੈ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਤੇ ਚੁੱਕ ਕੇ ਲਈ ਫਿਰ, ਜਿਵੇਂ ਪਿਤਾ ਦੁੱਧ ਪੀਂਦੇ ਬੱਚੇ ਨੂੰ ਚੁੱਕੀ ਫਿਰਦਾ ਹੈ ਤੇ ਇਨ੍ਹਾਂ ਨੂੰ ਉਸ ਦੇਸ ਨੂੰ ਲੈ ਜਾਂਵਾਂ, ਜਿਸ ਦੇ ਦੇਣ ਦੀ ਸਹੁੰ ਤੂੰ ਉਨ੍ਹਾਂ ਦੇ ਪੁਰਖਿਆਂ ਨਾਲ ਖਾਧੀ ਹੈ?
13 ਮੈਂ ਐਨਾ ਮਾਸ ਕਿੱਥੋਂ ਲਿਆਵਾਂ ਕਿ ਮੈਂ ਇਸ ਸਾਰੀ ਪਰਜਾ ਨੂੰ ਖਾਣ ਲਈ ਦੇਵਾਂ? ਕਿਉਂ ਜੋ ਉਹ ਇਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਕਿ ਸਾਨੂੰ ਮਾਸ ਦੇ, ਤਾਂ ਜੋ ਅਸੀਂ ਖਾਈਏ।
14 ਮੈਂ ਇਕੱਲਾ ਇਸ ਸਾਰੀ ਪਰਜਾ ਨੂੰ ਨਹੀਂ ਸੰਭਾਲ ਸਕਦਾ, ਕਿਉਂ ਜੋ ਇਹ ਮੇਰੇ ਸਹਿਣ ਤੋਂ ਬਾਹਰ ਹੈ।
15 ਜੇਕਰ ਤੂੰ ਮੇਰੇ ਨਾਲ ਅਜਿਹਾ ਹੀ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ, ਤਾਂ ਮੈਨੂੰ ਮਾਰ ਸੁੱਟ ਕਿ ਮੈਂ ਆਪਣੀ ਦੁਰਦਸ਼ਾ ਨਾ ਵੇਖਾਂ!
16 ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ।