13 ਮੈਂ ਐਨਾ ਮਾਸ ਕਿੱਥੋਂ ਲਿਆਵਾਂ ਕਿ ਮੈਂ ਇਸ ਸਾਰੀ ਪਰਜਾ ਨੂੰ ਖਾਣ ਲਈ ਦੇਵਾਂ? ਕਿਉਂ ਜੋ ਉਹ ਇਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਕਿ ਸਾਨੂੰ ਮਾਸ ਦੇ, ਤਾਂ ਜੋ ਅਸੀਂ ਖਾਈਏ।
14 ਮੈਂ ਇਕੱਲਾ ਇਸ ਸਾਰੀ ਪਰਜਾ ਨੂੰ ਨਹੀਂ ਸੰਭਾਲ ਸਕਦਾ, ਕਿਉਂ ਜੋ ਇਹ ਮੇਰੇ ਸਹਿਣ ਤੋਂ ਬਾਹਰ ਹੈ।
15 ਜੇਕਰ ਤੂੰ ਮੇਰੇ ਨਾਲ ਅਜਿਹਾ ਹੀ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ, ਤਾਂ ਮੈਨੂੰ ਮਾਰ ਸੁੱਟ ਕਿ ਮੈਂ ਆਪਣੀ ਦੁਰਦਸ਼ਾ ਨਾ ਵੇਖਾਂ!
16 ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ।
17 ਤਦ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ, ਉਨ੍ਹਾਂ ਉੱਤੇ ਪਾਵਾਂਗਾ ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।
18 ਅਤੇ ਪਰਜਾ ਨੂੰ ਆਖ ਕਿ ਕੱਲ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਤਦ ਤੁਹਾਨੂੰ ਮਾਸ ਖਾਣ ਲਈ ਮਿਲੇਗਾ, ਕਿਉਂ ਜੋ ਤੁਸੀਂ ਯਹੋਵਾਹ ਦੇ ਸੁਣਨ ਵਿੱਚ ਇਹ ਆਖ ਕੇ ਰੋਂਦੇ ਸੀ ਕਿ ਕੌਣ ਸਾਨੂੰ ਮਾਸ ਖੁਆਵੇਗਾ? ਅਸੀਂ ਮਿਸਰ ਵਿੱਚ ਸੁਖਾਲੇ ਸੀ। ਇਸ ਲਈ ਯਹੋਵਾਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਖਾਓਗੇ।