27 ਜਦ ਉਹ ਨੇ ਅਕਾਸ਼ ਸਥਿਰ ਕੀਤੇ, ਮੈਂ ਉੱਥੇ ਹੀ ਸੀ, ਜਦ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ।
28 ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਸਥਿਰ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ,
29 ਜਦ ਉਹ ਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
30 ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ, ਮੈਂ ਹਰ ਰੋਜ਼ ਉਸ ਦਾ ਅਨੰਦ ਸੀ, ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,
31 ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ, ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।
32 ਸੋ ਹੁਣ, ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਹਨ।
33 ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਨੂੰ ਅਣਸੁਣੀ ਨਾ ਕਰੋ।
34 ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਕੋਲ ਤੱਕਦਾ ਰਹਿੰਦਾ ਹੈ।
35 ਜਿਹੜਾ ਮੈਨੂੰ ਪ੍ਰਾਪਤ ਕਰਦਾ ਹੈ, ਉਹ ਜੀਵਨ ਨੂੰ ਪ੍ਰਾਪਤ ਕਰਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
36 ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਉਹ ਮੌਤ ਨਾਲ ਪ੍ਰੀਤ ਰੱਖਦੇ ਹਨ!