12 ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ।
13 ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ।
14 ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ,
15 ਇਸ ਲਈ ਬਿਪਤਾ ਅਚਾਨਕ ਹੀ ਉਹ ਦੇ ਉੱਤੇ ਆ ਪਵੇਗੀ, ਇੱਕ ਪਲ ਵਿੱਚ ਹੀ ਉਹ ਨਾਸ ਹੋ ਜਾਵੇਗਾ ਅਤੇ ਬਚਣ ਦਾ ਕੋਈ ਉਪਾਅ ਨਾ ਹੋਵੇਗਾ।
16 ਛੇ ਗੱਲਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲੱਗਦੀਆਂ ਹਨ,
17 ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ ਦਾ ਖ਼ੂਨ ਕਰਨ ਵਾਲੇ ਹੱਥ,
18 ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,
19 ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।
20 ਹੇ ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮੰਨ ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।
21 ਉਹਨਾਂ ਨੂੰ ਸਦਾ ਆਪਣੇ ਮਨ ਵਿੱਚ ਬੰਨ੍ਹੀ ਰੱਖ, ਅਤੇ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ।
22 ਜਦ ਤੂੰ ਕਿਤੇ ਜਾਵੇਂਗਾ ਤਾਂ ਉਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਉਹ ਤੇਰੀ ਰਾਖੀ ਕਰਨਗੀਆਂ,
23 ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ।