1 ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ ਅਤੇ ਮੇਰੀ ਸਮਝ ਵੱਲ ਕੰਨ ਲਾ,
2 ਤਾਂ ਜੋ ਤੇਰੀ ਮੱਤ ਬਣੀ ਰਹੇ ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜ੍ਹੀ ਰੱਖਣ,
3 ਕਿਉਂ ਜੋ ਪਰਾਈ ਔਰਤ ਦੇ ਬੁੱਲ੍ਹਾਂ ਤੋਂ ਸ਼ਹਿਦ ਟਪਕਦਾ ਹੈ ਅਤੇ ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,
4 ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ ਅਤੇ ਦੋਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!
5 ਉਹ ਦੇ ਪੈਰ ਮੌਤ ਦੇ ਰਾਹ ਵੱਲ ਲਹਿ ਪੈਂਦੇ ਹਨ ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ।
6 ਜੀਵਨ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, ਉਹ ਦੀਆਂ ਚਾਲਾਂ ਭਟਕਾਉਣ ਵਾਲੀਆਂ ਹਨ ਅਤੇ ਇਸ ਬਾਰੇ ਉਹ ਆਪ ਵੀ ਨਹੀਂ ਜਾਣਦੀ।
7 ਇਸ ਲਈ ਹੇ ਮੇਰੇ ਪੁੱਤਰ ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ।