Text copied!
Bibles in Panjabi

ਕਹਾਉਤਾਂ 30:16-33 in Panjabi

Help us?

ਕਹਾਉਤਾਂ 30:16-33 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਪਤਾਲ ਅਤੇ ਬਾਂਝ ਦੀ ਕੁੱਖ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ “ਬਸ” ਨਹੀਂ ਆਖਦੀ।
17 ਜਿਹੜੀ ਅੱਖ ਪਿਉ ਦਾ ਮਖ਼ੌਲ ਉਡਾਉਂਦੀ ਹੈ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ।
18 ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ਼ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ,
19 ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਕੁਆਰੀ ਨਾਲ ਮਨੁੱਖ ਦੀ ਚਾਲ।
20 ਵਿਭਚਾਰਨ ਦੀ ਚਾਲ ਵੀ ਇਸ ਤਰ੍ਹਾਂ ਦੀ ਹੈ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ।
21 ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਆਂ ਜਾਂਦੀਆਂ,
22 ਦਾਸ ਜਦ ਉਹ ਰਾਜਾ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,
23 ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ।
24 ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ,
25 ਕੀੜੀਆਂ ਨਿਰਬਲ ਤਾਂ ਹਨ, ਤਾਂ ਵੀ ਗਰਮੀ ਵਿੱਚ ਆਪਣਾ ਅਨਾਜ਼ ਇਕੱਠਾ ਕਰ ਲੈਂਦੀਆਂ ਹਨ,
26 ਪਹਾੜੀ ਬਿੱਜੂ ਭਾਵੇਂ ਨਿਰਬਲ ਹਨ, ਪਰ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ,
27 ਟਿੱਡੀ ਦਲ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ ਕੇ ਨਿੱਕਲਦੀਆਂ ਹਨ,
28 ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਹੈਂ, ਤਾਂ ਵੀ ਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ।
29 ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ,
30 ਇੱਕ ਤਾਂ ਬੱਬਰ ਸ਼ੇਰ ਜਿਹੜਾ ਸਾਰਿਆਂ ਪਸ਼ੂਆਂ ਵਿੱਚੋਂ ਜ਼ੋਰਾਵਰ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,
31 ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ।
32 ਜੇ ਤੂੰ ਆਪਣੇ ਆਪ ਨੂੰ ਉੱਚਿਆਂ ਕਰਕੇ ਮੂਰਖਤਾ ਕੀਤੀ ਹੈ, ਜਾਂ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,
33 ਕਿਉਂ ਜੋ ਦੁੱਧ ਰਿੜਕਣ ਨਾਲ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ।
ਕਹਾਉਤਾਂ 30 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ