1 ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂੰ ਨਿਡਰ ਰਹਿੰਦੇ ਹਨ।
2 ਦੇਸ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।
3 ਜੋ ਕੰਗਾਲ ਮਨੁੱਖ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।
4 ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਿਵਸਥਾ ਦੀ ਪਾਲਣਾ ਕਰਨ ਵਾਲੇ ਉਨ੍ਹਾਂ ਦਾ ਵਿਰੋਧ ਕਰਦੇ ਹਨ।
5 ਬੁਰੇ ਮਨੁੱਖ ਨਿਆਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੀ ਭਾਲ ਕਰਨ ਵਾਲੇ ਸਭ ਕੁਝ ਸਮਝਦੇ ਹਨ।
6 ਕੰਗਾਲ ਜੋ ਖਰਿਆਈ ਨਾਲ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ।
7 ਬਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਤਾ ਦਾ ਮੂੰਹ ਕਾਲਾ ਕਰਦਾ ਹੈ।
8 ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।