4 ਭੋਲਿਆਂ ਨੂੰ ਸਿਆਣਪ ਅਤੇ ਜੁਆਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
5 ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,
6 ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
7 ਯਹੋਵਾਹ ਦਾ ਭੈਅ ਮੰਨਣਾ ਗਿਆਨ ਦਾ ਮੁੱਢ ਹੈ, ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ
8 ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਸਿੱਖਿਆ ਤਾਲੀਮ ਨੂੰ ਨਾ ਛੱਡੀਂ,
9 ਕਿਉਂ ਜੋ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ਼ ਦੇ ਲਈ ਕੈਂਠਾ ਹੋਣਗੀਆਂ।
10 ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ।
11 ਜੇ ਉਹ ਆਖਣ ਕਿ ਤੂੰ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਲਈ ਘਾਤ ਲਾਈਏ, ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ,
12 ਅਸੀਂ ਉਹਨਾਂ ਨੂੰ ਪਤਾਲ ਵਾਂਗੂੰ ਅਤੇ ਕਬਰ ਵਿੱਚ ਪਏ ਹੋਇਆਂ ਵਾਂਗੂੰ ਜੀਉਂਦਾ ਅਤੇ ਸਾਬਤਾ ਹੀ ਨਿਗਲ ਲਈਏ।
13 ਸਾਨੂੰ ਸਭ ਪਰਕਾਰ ਦੇ ਅਣਮੁੱਲੇ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ!
14 ਤੂੰ ਸਾਡੇ ਨਾਲ ਭਾਈਵਾਲ ਹੋ ਜਾ, ਸਾਡਾ ਸਾਰਿਆਂ ਦਾ ਇੱਕੋ ਹੀ ਬਟੂਆ ਹੋਵੇਗਾ।
15 ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਨਾਲ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕ ਰੱਖੀਂ,
16 ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਕਰਨ ਨੂੰ ਭੱਜਦੇ ਅਤੇ ਖ਼ੂਨ ਕਰਨ ਨੂੰ ਫ਼ੁਰਤੀ ਕਰਦੇ ਹਨ!