12 ਅਸੀਂ ਉਹਨਾਂ ਨੂੰ ਪਤਾਲ ਵਾਂਗੂੰ ਅਤੇ ਕਬਰ ਵਿੱਚ ਪਏ ਹੋਇਆਂ ਵਾਂਗੂੰ ਜੀਉਂਦਾ ਅਤੇ ਸਾਬਤਾ ਹੀ ਨਿਗਲ ਲਈਏ।
13 ਸਾਨੂੰ ਸਭ ਪਰਕਾਰ ਦੇ ਅਣਮੁੱਲੇ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ!
14 ਤੂੰ ਸਾਡੇ ਨਾਲ ਭਾਈਵਾਲ ਹੋ ਜਾ, ਸਾਡਾ ਸਾਰਿਆਂ ਦਾ ਇੱਕੋ ਹੀ ਬਟੂਆ ਹੋਵੇਗਾ।
15 ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਨਾਲ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕ ਰੱਖੀਂ,
16 ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਕਰਨ ਨੂੰ ਭੱਜਦੇ ਅਤੇ ਖ਼ੂਨ ਕਰਨ ਨੂੰ ਫ਼ੁਰਤੀ ਕਰਦੇ ਹਨ!
17 ਕਿਸੇ ਪੰਛੀ ਦੇ ਵੇਖਦਿਆਂ ਜਾਲ਼ ਵਿਛਾਉਣਾ ਵਿਅਰਥ ਹੈ।
18 ਉਹ ਆਪਣਾ ਹੀ ਖ਼ੂਨ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ।
19 ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ।
20 ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।
21 ਉਹ ਬਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਆਖਦੀ ਹੈ,
22 ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ?
23 ਮੇਰੀ ਝਿੜਕ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ।