1 ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ।
2 ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਸਿਰਫ਼ ਆਪਣੇ ਹੀ ਮਨ ਦੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ।
3 ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਰਾਦਰੀ ਦੇ ਨਾਲ ਸ਼ਰਮਿੰਦਗੀ ਆਉਂਦੀ ਹੈ।
4 ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹਾ ਹੈ।
5 ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।
6 ਮੂਰਖ ਦੇ ਬੋਲ ਝਗੜਾ ਖੜ੍ਹਾ ਕਰਦੇ ਹਨ, ਅਤੇ ਆਪਣੇ ਆਪ ਨੂੰ ਮਾਰ ਖਾਣ ਦੇ ਜੋਗ ਠਹਿਰਾਉਂਦਾ ਹੈ।
7 ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।
8 ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
9 ਜਿਹੜਾ ਕੰਮ ਕਰਨ ਵਿੱਚ ਆਲਸੀ ਹੈ, ਉਹ ਉਡਾਊ ਦਾ ਭਰਾ ਹੈ।