12 ਮੂਰਖਤਾ ਦੇ ਵਿੱਚ ਡੁੱਬੇ ਹੋਏ ਮਨੁੱਖ ਨੂੰ ਮਿਲਣ ਨਾਲੋਂ, ਰਿੱਛਣੀ ਜਿਹ ਦੇ ਬੱਚੇ ਖੋਹ ਲਏ ਗਏ ਹੋਣ, ਨੂੰ ਮਿਲਣਾ ਭਲਾ ਹੈ।
13 ਜਿਹੜਾ ਭਲਿਆਈ ਦੇ ਬਦਲੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੇ ਨਾ ਹੱਟੇਗੀ।
14 ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇ।
15 ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ।
16 ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਾਭ, ਜਦ ਉਹ ਚਾਹੁੰਦਾ ਹੀ ਨਹੀਂ?
17 ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।
18 ਬੇਸਮਝ ਆਦਮੀ ਹੱਥ ਮਿਲਾਉਂਦਾ ਹੈ ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ।
19 ਜੋ ਝਗੜੇ ਨਾਲ ਪ੍ਰੇਮ ਕਰਦਾ ਹੈ ਉਹ ਅਪਰਾਧ ਦੇ ਨਾਲ ਵੀ ਪ੍ਰੇਮ ਕਰਦਾ ਹੈ, ਜਿਹੜਾ ਹੰਕਾਰ ਨਾਲ ਬੋਲਦਾ ਹੈ ਉਹ ਆਪਣਾ ਨਾਸ ਭਾਲਦਾ ਹੈ।
20 ਟੇਢੇ ਮਨ ਵਾਲਾ ਭਲਿਆਈ ਨਾ ਪਾਵੇਗਾ, ਅਤੇ ਪੁੱਠੀਆਂ ਗੱਲਾਂ ਕਰਨ ਵਾਲਾ ਬਿਪਤਾ ਵਿੱਚ ਪਵੇਗਾ।
21 ਮੂਰਖ ਨੂੰ ਜਨਮ ਦੇਣ ਵਾਲਾ ਦੁੱਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਤਾ ਨੂੰ ਕੁਝ ਅਨੰਦ ਨਹੀਂ ਮਿਲਦਾ।
22 ਖੁਸ਼ ਦਿਲੀ ਚੰਗੀ ਦਵਾ ਹੈ, ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ।
23 ਦੁਸ਼ਟ ਬੁੱਕਲ ਵਿੱਚੋਂ ਰਿਸ਼ਵਤ ਲੈਂਦਾ ਹੈ, ਤਾਂ ਜੋ ਉਹ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ।
24 ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਬੰਨਿਆ ਵੱਲ ਲੱਗੀਆਂ ਰਹਿੰਦੀਆਂ ਹਨ।
25 ਮੂਰਖ ਪੁੱਤਰ ਆਪਣੇ ਪਿਉ ਲਈ ਦੁੱਖ, ਅਤੇ ਆਪਣੀ ਮਾਂ ਲਈ ਕੁੜੱਤਣ ਹੈ।
26 ਧਰਮੀ ਨੂੰ ਸਜ਼ਾ ਦੇਣਾ ਚੰਗਾ ਨਹੀਂ, ਨਾ ਪ੍ਰਧਾਨਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।
27 ਜਿਹੜਾ ਘੱਟ ਬੋਲਦਾ ਹੈ ਉਹ ਗਿਆਨੀ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।
28 ਮੂਰਖ ਵੀ ਜਿੰਨਾਂ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਮੂੰਹ ਬੰਦ ਰੱਖੇ ਤਾਂ ਸਿਆਣਾ ਸਮਝਿਆ ਜਾਂਦਾ ਹੈ।