9 ਜੋ ਰੋਟੀਓਂ ਵੀ ਤੰਗ ਹੈ ਅਤੇ ਵਡਿਆਈ ਮਾਰਦਾ ਹੈ, ਉਸ ਨਾਲੋਂ ਉਹ ਛੋਟਾ ਮਨੁੱਖ ਚੰਗਾ ਹੈ, ਜਿਸ ਦੇ ਕੋਲ ਦਾਸ ਹੈ।
10 ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ।
11 ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।
12 ਦੁਸ਼ਟ ਬੁਰਿਆਰਾਂ ਦੇ ਮਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ।
13 ਬੁਰਿਆਰ ਆਪਣੀਆਂ ਗੱਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿੱਕਲਦਾ ਹੈ।
14 ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ ਅਤੇ ਜਿਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ ਹੁੰਦੀ ਹੈ।
15 ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੁੰਦੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।
16 ਮੂਰਖ ਦਾ ਗੁੱਸਾ ਝੱਟ ਪ੍ਰਗਟ ਹੋ ਜਾਂਦਾ ਹੈ, ਪਰ ਸਿਆਣਾ ਨਿਰਾਦਰ ਨੂੰ ਅਣਦੇਖਿਆ ਕਰ ਦਿੰਦਾ ਹੈ।
17 ਜਿਹੜਾ ਸੱਚੀ ਗਵਾਹੀ ਦਿੰਦਾ ਹੈ ਉਹ ਸੱਚ ਬੋਲਦਾ ਹੈ, ਪਰ ਝੂਠਾ ਗਵਾਹ ਛਲ ਨੂੰ ਪ੍ਰਗਟ ਕਰਦਾ ਹੈ।
18 ਬਿਨ੍ਹਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੇ ਬਚਨ ਚੰਗਾ ਕਰ ਦਿੰਦੇ ਹਨ।
19 ਸਚਿਆਈ ਸਦਾ ਬਣੀ ਰਹੇਗੀ, ਪਰ ਝੂਠ ਪਲ ਭਰ ਦਾ ਹੁੰਦਾ ਹੈ।
20 ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹਕਾਰਾਂ ਲਈ ਅਨੰਦ ਹੁੰਦਾ ਹੈ।
21 ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ।
22 ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰ ਹਨ, ਉਹ ਉਹਨਾਂ ਨੂੰ ਪਸੰਦ ਕਰਦਾ ਹੈ।