1 ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, -
2 ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ,
3 ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ, ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ,
4 ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ,
5 ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ ਇਕੱਠੇ ਕਰਨ ਦਾ ਵੇਲਾ ਹੈ, ਇੱਕ ਗਲ਼ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ,
6 ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗੁਆਉਣ ਦਾ ਵੇਲਾ ਹੈ, ਇੱਕ ਸੰਭਾਲਣ ਦਾ ਵੇਲਾ ਹੈ ਅਤੇ ਇੱਕ ਸੁੱਟ ਦੇਣ ਦਾ ਵੇਲਾ ਹੈ,
7 ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸੀਉਣ ਦਾ ਵੇਲਾ ਹੈ, ਇੱਕ ਚੁੱਪ ਰਹਿਣ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ,
8 ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ, ਇੱਕ ਯੁੱਧ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ ਵੇਲਾ ਹੈ।
9 ਕੰਮ ਕਰਨ ਵਾਲੇ ਨੂੰ ਆਪਣੀ ਮਿਹਨਤ ਤੋਂ ਜੋ ਉਹ ਕਰਦਾ ਹੈ, ਕੀ ਲਾਭ ਹੈ?
10 ਮੈਂ ਉਸ ਕਸ਼ਟ ਨੂੰ ਵੇਖਿਆ ਹੈ, ਜੋ ਪਰਮੇਸ਼ੁਰ ਨੇ ਆਦਮ ਵੰਸ਼ ਨੂੰ ਦਿੱਤਾ ਕਿ ਉਹ ਉਸ ਦੇ ਵਿੱਚ ਰੁੱਝੇ ਰਹਿਣ।
11 ਉਸ ਨੇ ਹਰੇਕ ਵਸਤੂ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਤਾ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੱਕ ਕਰਦਾ ਹੈ, ਬੁੱਝ ਨਹੀਂ ਸਕਦਾ।