Text copied!
Bibles in Panjabi

ਉਪਦੇਸ਼ਕ 2:12-26 in Panjabi

Help us?

ਉਪਦੇਸ਼ਕ 2:12-26 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਫੇਰ ਮੈਂ ਬੁੱਧ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਮਨੁੱਖ ਜੋ ਰਾਜਾ ਤੋਂ ਬਾਅਦ ਆਵੇਗਾ, ਕੀ ਕਰੇਗਾ? ਸਿਰਫ਼ ਉਹ ਹੀ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ।
13 ਤਦ ਮੈਂ ਵੇਖਿਆ ਕਿ ਜਿਵੇਂ ਚਾਨਣ ਹਨੇਰੇ ਨਾਲੋਂ ਉੱਤਮ ਹੈ, ਉਸੇ ਤਰ੍ਹਾਂ ਹੀ ਮੂਰਖਤਾਈ ਨਾਲੋਂ ਬੁੱਧ ਉੱਤਮ ਹੈ।
14 ਬੁੱਧਵਾਨ ਦੀਆਂ ਅੱਖਾਂ ਸਿਰ ਵਿੱਚ ਹੀ ਰਹਿੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਤੁਰਦਾ ਹੈ, ਤਾਂ ਵੀ ਮੈਂ ਜਾਣ ਲਿਆ ਕਿ ਸਾਰਿਆਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ।
15 ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੋ ਕੁਝ ਮੂਰਖ ਉੱਤੇ ਬੀਤਦੀ ਹੈ, ਉਹ ਹੀ ਮੇਰੇ ਉੱਤੇ ਵੀ ਬੀਤੇਗੀ, ਤਾਂ ਫੇਰ ਮੈਂ ਵੱਧ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਵੀ ਵਿਅਰਥ ਹੀ ਹੈ।
16 ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦੀ ਯਾਦ ਸਦਾ ਤੱਕ ਰਹੇਗੀ, ਕਿਉਂ ਜੋ ਆਉਣ ਵਾਲਿਆਂ ਸਮਿਆਂ ਵਿੱਚ ਸਭ ਕੁਝ ਭੁਲਾ ਦਿੱਤਾ ਜਾਵੇਗਾ। ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ? ਉਸੇ ਤਰ੍ਹਾਂ ਹੀ ਜਿਵੇਂ ਮੂਰਖ ਮਰਦਾ ਹੈ!
17 ਇਸ ਲਈ ਮੈਂ ਜੀਵਨ ਤੋਂ ਅੱਕ ਗਿਆ, ਕਿਉਂ ਜੋ ਉਹ ਸਾਰਾ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ, ਕਿਉਂਕਿ ਸਭ ਕੁਝ ਵਿਅਰਥ ਅਤੇ ਹਵਾ ਦਾ ਫੱਕਣਾ ਹੈ।
18 ਸਗੋਂ ਮੈਂ ਆਪਣੀ ਮਿਹਨਤ ਦੇ ਸਾਰੇ ਕੰਮਾਂ ਤੋਂ ਅੱਕ ਗਿਆ, ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।
19 ਕੌਣ ਜਾਣਦਾ ਹੈ ਕਿ ਉਹ ਬੁੱਧਵਾਨ ਹੋਵੇਗਾ ਜਾਂ ਮੂਰਖ? ਫੇਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖ਼ਰਚ ਕੀਤੀ, ਉਹੋ ਮਾਲਕ ਬਣੇਗਾ! ਇਹ ਵੀ ਵਿਅਰਥ ਹੀ ਹੈ।
20 ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਨਿਰਾਸ਼ ਕੀਤਾ,
21 ਕਿਉਂ ਜੋ ਇੱਕ ਅਜਿਹਾ ਮਨੁੱਖ ਵੀ ਹੈ ਜਿਸ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਛੱਡ ਜਾਵੇਗਾ, ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਕਿ ਉਹ ਉਸ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਵੱਡੀ ਬਿਪਤਾ ਹੀ ਹੈ।
22 ਭਲਾ, ਮਨੁੱਖ ਨੂੰ ਆਪਣੇ ਸਾਰੇ ਕੰਮ-ਧੰਦੇ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਅਤੇ ਮਨ ਦੇ ਕਸ਼ਟ ਤੋਂ ਕੀ ਲਾਭ ਹੁੰਦਾ ਹੈ?
23 ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ, ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਮਿਲਦਾ। ਇਹ ਵੀ ਵਿਅਰਥ ਹੀ ਹੈ!
24 ਮਨੁੱਖ ਦੇ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਖਾਵੇ-ਪੀਵੇ ਅਤੇ ਆਪਣੇ ਸਾਰੇ ਕੰਮ-ਧੰਦੇ ਦੇ ਵਿੱਚ ਆਪਣਾ ਮਨ ਪਰਚਾਵੇ। ਮੈਂ ਵੇਖਿਆ ਕਿ ਇਹ ਵੀ ਪਰਮੇਸ਼ੁਰ ਦੇ ਹੱਥੋਂ ਮਿਲਦਾ ਹੈ,
25 ਕਿਉਂ ਜੋ ਉਸ ਨਾਲੋਂ ਵੱਧ ਕੌਣ ਖਾ ਸਕਦਾ ਅਤੇ ਅਨੰਦ ਭੋਗ ਸਕਦਾ ਹੈ?
26 ਕਿਉਂ ਜੋ ਪਰਮੇਸ਼ੁਰ ਉਸ ਮਨੁੱਖ ਨੂੰ ਜੋ ਉਸ ਦੀ ਨਜ਼ਰ ਵਿੱਚ ਭਲਾ ਹੈ, ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਤਾਂ ਜੋ ਉਹ ਇਕੱਠਾ ਕਰਕੇ ਅਤੇ ਜੋੜ ਕੇ ਉਸ ਨੂੰ ਦੇਵੇ, ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!
ਉਪਦੇਸ਼ਕ 2 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ