Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 26

ਲੇਵੀਆਂ 26:6-26

Help us?
Click on verse(s) to share them!
6ਮੈਂ ਉਸ ਦੇਸ਼ ਵਿੱਚ ਸੁੱਖ ਬਖ਼ਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਪਰ ਤੁਹਾਨੂੰ ਕੋਈ ਨਾ ਡਰਾਵੇਗਾ ਅਤੇ ਮੈਂ ਖ਼ਤਰਨਾਕ ਜਾਨਵਰਾਂ ਨੂੰ ਦੇਸ਼ ਵਿੱਚੋਂ ਕੱਢ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚ ਨਾ ਚੱਲੇਗੀ।
7ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ।
8ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ ਅਤੇ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ।
9ਮੈਂ ਤੁਹਾਡੇ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਂਗਾ ਅਤੇ ਵਧਾਵਾਂਗਾ ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ।
10ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ।
11ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿਚਕਾਰ ਖੜ੍ਹਾ ਕਰਾਂਗਾ ਅਤੇ ਮੇਰਾ ਜੀਅ ਤੁਹਾਨੂੰ ਮਾੜੇ ਨਾ ਸਮਝੇਗਾ।
12ਮੈਂ ਤੁਹਾਡੇ ਵਿਚਕਾਰ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੀ ਪਰਜਾ ਹੋਵੋਗੇ।
13ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਤੋੜ ਸੁੱਟਿਆ ਅਤੇ ਤੁਹਾਨੂੰ ਸਿੱਧੇ ਕਰਕੇ ਚਲਾਇਆ ਹੈ।
14ਪਰ ਜੇਕਰ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਨਾ ਮੰਨੋਗੇ,
15ਅਤੇ ਜੇਕਰ ਤੁਸੀਂ ਮੇਰੀਆਂ ਬਿਧੀਆਂ ਨੂੰ ਤਿਆਗ ਦਿਓ ਅਤੇ ਮੇਰੇ ਨਿਆਂ ਤੁਹਾਡੇ ਜੀਅ ਨੂੰ ਮਾੜੇ ਲੱਗਣ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਤੋੜ ਦਿਓ,
16ਤਾਂ ਮੈਂ ਤੁਹਾਡੇ ਨਾਲ ਇਹ ਕਰਾਂਗਾ ਅਰਥਾਤ ਮੈਂ ਤੁਹਾਡੇ ਉੱਤੇ ਡਰ, ਲਾ-ਇਲਾਜ਼ ਰੋਗ ਅਤੇ ਤਾਪ ਪਾਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੇ ਮਨਾਂ ਨੂੰ ਉਦਾਸ ਕਰਨਗੇ ਅਤੇ ਤੁਸੀਂ ਵਿਅਰਥ ਹੀ ਆਪਣੇ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾ ਜਾਣਗੇ।
17ਮੈਂ ਵੀ ਤੁਹਾਡੇ ਵਿਰੁੱਧ ਹੋਵਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ, ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰੇ ਤਾਂ ਵੀ ਤੁਸੀਂ ਭੱਜੋਗੇ।
18ਅਤੇ ਜੇਕਰ ਤੁਸੀਂ ਇਹ ਸਭ ਕਰਕੇ ਵੀ ਤੁਸੀਂ ਮੇਰੇ ਵੱਲ ਧਿਆਨ ਨਾ ਕਰੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ।
19ਅਤੇ ਮੈਂ ਤੁਹਾਡੀ ਜੋਰਾਵਰੀ ਦਾ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗੀ ਬਣਾਵਾਂਗਾ।
20ਅਤੇ ਤੁਹਾਡਾ ਜ਼ੋਰ ਵਿਅਰਥ ਹੋ ਜਾਵੇਗਾ ਕਿਉਂ ਜੋ ਤੁਹਾਡੀ ਧਰਤੀ ਆਪਣੀ ਉਪਜ ਨਾ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਵੀ ਆਪਣੇ ਫਲ ਨਾ ਉਗਾਉਣਗੇ।
21ਜੇਕਰ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ।
22ਮੈਂ ਜੰਗਲੀ ਜਾਨਵਰਾਂ ਨੂੰ ਤੁਹਾਡੇ ਵਿਚਕਾਰ ਘੱਲਾਂਗਾ ਜੋ ਤੁਹਾਡੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਤੁਹਾਡੇ ਪਸ਼ੂਆਂ ਦਾ ਨਾਸ ਕਰਨਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵਿਰਾਨ ਹੋ ਜਾਣਗੀਆਂ।
23ਫੇਰ ਜੇਕਰ ਤੁਸੀਂ ਇਨ੍ਹਾਂ ਗੱਲਾਂ ਵਿੱਚ ਵੀ ਮੇਰੀ ਤਾੜਨਾ ਨਾਲ ਨਾ ਸੁਧਰੋ ਪਰ ਮੇਰੇ ਵਿਰੁੱਧ ਹੀ ਚਲਦੇ ਰਹੋ,
24ਤਾਂ ਮੈਂ ਵੀ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਮੈਂ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ।
25ਅਤੇ ਮੈਂ ਤੁਹਾਡੇ ਉੱਤੇ ਅਜਿਹੀ ਤਲਵਾਰ ਚਲਾਵਾਂਗਾ, ਜਿਹੜੀ ਮੇਰਾ ਨੇਮ ਤੋੜਨ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਇਕੱਠੇ ਹੋਵੋਗੇ ਤਾਂ ਮੈਂ ਤੁਹਾਡੇ ਵਿੱਚ ਬਵਾਂ ਘੱਲਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਹੱਥ ਵਿੱਚ ਸੌਂਪੇ ਜਾਓਗੇ।
26ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਢਾਹ ਸੁੱਟਾਂਗਾ ਤਾਂ ਦਸ ਇਸਤਰੀਆਂ ਤੁਹਾਡੀਆਂ ਰੋਟੀਆਂ ਇੱਕੋ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ, ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।

Read ਲੇਵੀਆਂ 26ਲੇਵੀਆਂ 26
Compare ਲੇਵੀਆਂ 26:6-26ਲੇਵੀਆਂ 26:6-26