Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੂਕਾ - ਲੂਕਾ 8

ਲੂਕਾ 8:18-40

Help us?
Click on verse(s) to share them!
18ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ।
19ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ।
20ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ।
21ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।
22ਫਿਰ ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ੍ਹ ਦਿੱਤੀ।
23ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ।
24ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ।
25ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?।
26ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ।
27ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ।
28ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ!
29ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਬਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।
30ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ।
31ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ!
32ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ।
33ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ।
34ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ।
35ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ।
36ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ।
37ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ। ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ।
38ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ
39ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ।
40ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ।

Read ਲੂਕਾ 8ਲੂਕਾ 8
Compare ਲੂਕਾ 8:18-40ਲੂਕਾ 8:18-40