Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰਸੂਲਾਂ ਦੇ ਕਰਤੱਬ - ਰਸੂਲਾਂ ਦੇ ਕਰਤੱਬ 8

ਰਸੂਲਾਂ ਦੇ ਕਰਤੱਬ 8:14-35

Help us?
Click on verse(s) to share them!
14ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਭੇਜਿਆ।
15ਉਹਨਾਂ ਨੇ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ।
16ਕਿਉਂ ਜੋ ਉਹ ਹੁਣ ਤੱਕ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ, ਪਰ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ।
17ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ।
18ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ।
19ਅਤੇ ਬੋਲਿਆ ਕਿ ਮੈਨੂੰ ਵੀ ਇਹ ਸਮਰੱਥਾ ਦਿਉ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਨਾਲ ਭਰ ਜਾਵੇ।
20ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੂੰ ਪਰਮੇਸ਼ੁਰ ਦੇ ਵਰਦਾਨ ਨੂੰ ਮੁੱਲ ਲੈਣ ਲਈ ਸੋਚਿਆ!
21ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ।
22ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਜੋ ਤੇਰੇ ਮਨ ਵਿੱਚ ਸੋਚ ਹੈ ਮਾਫ਼ ਕੀਤੀ ਜਾਵੇ।
23ਕਿਉਂ ਜੋ ਮੈਂ ਵੇਖਦਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ।
24ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਬੇਨਤੀ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।
25ਜਦੋਂ ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਅਤੇ ਸਾਮਰਿਯਾ ਦੇ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਤਾਂ ਉਹ ਯਰੂਸ਼ਲਮ ਨੂੰ ਮੁੜੇ।
26ਪਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ।
27ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਕੂਸ਼ ਦੇਸ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ।
28ਉਹ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
29ਤਦ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।
30ਫ਼ਿਲਿਪੁੱਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?
31ਉਸ ਨੇ ਆਖਿਆ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ? ਫੇਰ ਉਸ ਨੇ ਫ਼ਿਲਿਪੁੱਸ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।
32ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
33ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ? ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।
34ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿਪੁੱਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?
35ਤਦ ਫ਼ਿਲਿਪੁੱਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ।

Read ਰਸੂਲਾਂ ਦੇ ਕਰਤੱਬ 8ਰਸੂਲਾਂ ਦੇ ਕਰਤੱਬ 8
Compare ਰਸੂਲਾਂ ਦੇ ਕਰਤੱਬ 8:14-35ਰਸੂਲਾਂ ਦੇ ਕਰਤੱਬ 8:14-35