1ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਦ ਉਹ ਸਭ ਇੱਕ ਥਾਂ ਇਕੱਠੇ ਸਨ।
2ਅਤੇ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਵੇਂ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ।
3ਅਤੇ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ।
4ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ।
5ਯਹੂਦੀ ਯਰੂਸ਼ਲਮ ਵਿੱਚ ਰਹਿੰਦੇ ਸਨ, ਹਰੇਕ ਕੌਮ ਵਿੱਚੋਂ ਭਗਤ ਲੋਕ, ਜੋ ਅਕਾਸ਼ ਦੇ ਹੇਠ ਹੈ, ਉਸ ਜਗ੍ਹਾ ਇਕੱਠੇ ਹੋਏ ਸਨ।
6ਸੋ ਜਦੋਂ ਇਹ ਅਵਾਜ਼ ਆਈ ਤਾਂ ਭੀੜ ਇਕੱਠੀ ਹੋ ਗਈ ਅਤੇ ਲੋਕ ਹੈਰਾਨ ਰਹਿ ਗਏ ਕਿਉਂ ਜੋ ਹਰੇਕ ਨੂੰ ਇਹ ਸੁਣਾਈ ਦਿੰਦਾ ਸੀ ਕਿ ਉਹ ਮੇਰੀ ਹੀ ਭਾਸ਼ਾ ਬੋਲ ਰਹੇ ਸਨ।
7ਉਹ ਅਚਰਜ਼ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ, ਕੀ ਗਲੀਲੀ ਨਹੀਂ?
8ਫੇਰ ਕਿਵੇਂ ਹਰੇਕ ਸਾਡੇ ਵਿੱਚੋਂ ਆਪੋ-ਆਪਣੀ ਜਨਮ ਭੂਮੀ ਦੀ ਭਾਸ਼ਾ ਸੁਣਦਾ ਹੈ?
9ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ ਹਾਂ ਅਤੇ ਮੈਸੋਪਟਾਮਿਆ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ
10ਫ਼ਰੂਗਿਯਾ, ਪਮਫ਼ੁਲਿਯਾ, ਮਿਸਰ, ਲਿਬੀਆ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਨੇੜੇ ਹੈ ਅਤੇ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ, ਯਹੂਦੀ ਮਤ ਨੂੰ ਮੰਨਣ ਵਾਲੇ,
11ਕਰੇਤੀ ਅਤੇ ਅਰਬੀ ਹਾਂ ਉਨ੍ਹਾਂ ਨੂੰ ਆਪਣੀ-ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਚਰਚਾ ਕਰਦਿਆਂ ਸੁਣਦੇ ਹਾਂ!
12ਅਤੇ ਸਭ ਹੈਰਾਨ ਰਹਿ ਗਏ ਅਤੇ ਦੁਬਧਾ ਵਿੱਚ ਪੈ ਕੇ ਇੱਕ ਦੂਜੇ ਨੂੰ ਆਖਣ ਲੱਗੇ ਜੋ ਇਹ ਕੀ ਹੋਇਆ ਹੈ?
13ਦੂਜਿਆਂ ਨੇ ਮਖ਼ੌਲ ਨਾਲ ਕਿਹਾ ਕਿ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ!
14ਤਦ ਪਤਰਸ ਉਨ੍ਹਾਂ ਗਿਆਰ੍ਹਾਂ ਦੇ ਨਾਲ ਕੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ ਇਹ ਜਾਣੋ ਅਤੇ ਕੰਨ ਲਾ ਮੇਰੀਆਂ ਗੱਲਾਂ ਸੁਣੋ!