22ਸੋ ਜਿਹੜੇ ਉਹ ਦੀ ਸੇਵਾ ਕਰਦੇ ਸਨ ਉਨ੍ਹਾਂ ਵਿੱਚੋਂ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ, ਉਹ ਆਪ ਏਸ਼ੀਆ ਵਿੱਚ ਕੁਝ ਸਮਾਂ ਰਿਹਾ।
23ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਫਸਾਦ ਹੋਇਆ।
24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਿਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25ਉਸ ਨੇ ਉਨ੍ਹਾਂ ਨੂੰ ਅਤੇ ਉਸ ਕੰਮ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਕਿ ਇਸ ਕੰਮ ਤੋਂ ਅਸੀਂ ਕਿੰਨ੍ਹਾਂ ਧਨ ਕਮਾਉਂਦੇ ਹਾਂ।
26ਅਤੇ ਤੁਸੀਂ ਵੇਖਦੇ ਤੇ ਸੁਣਦੇ ਹੋ ਜੋ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਲੱਗਭਗ ਸਾਰੇ ਏਸ਼ੀਆ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਕੇ ਬਹਿਕਾ ਦਿੱਤਾ ਹੈ, ਕਿ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਉਹ ਦੇਵਤੇ ਨਹੀਂ ਹੁੰਦੇ,।
27ਸੋ ਕੇਵਲ ਇਹੋ ਦੁੱਖ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਂ ਦੇਵੀ ਅਰਤਿਮਿਸ ਦੇ ਮੰਦਿਰ ਦੀ ਮਹੱਤਵਤਾ ਜਾਂਦੀ ਰਹੇਗੀ ਜਿਸ ਨੂੰ ਸਾਰਾ ਏਸ਼ੀਆ ਸਗੋਂ ਸੰਸਾਰ ਪੂਜਦਾ ਹੈ, ਉਹ ਦੀ ਮਹਿਮਾ ਜਾਂਦੀ ਰਹੇਗੀ।
28ਇਹ ਗੱਲ ਸੁਣ ਕਿ ਉਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ-ਉੱਚੀ ਬੋਲੇ ਕਿ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ।
29ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਉਹ ਇੱਕ ਮਨ ਹੋ ਕੇ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ।