Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰਸੂਲਾਂ ਦੇ ਕਰਤੱਬ - ਰਸੂਲਾਂ ਦੇ ਕਰਤੱਬ 13

ਰਸੂਲਾਂ ਦੇ ਕਰਤੱਬ 13:25-45

Help us?
Click on verse(s) to share them!
25ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ, ਮੈਂ ਜਿਸ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ।
26ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ।
27ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਸਮਝਦੇ ਹੋਏ, ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ।
28ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਜਾਨੋਂ ਮਾਰਿਆ ਜਾਵੇ।
29ਅਤੇ ਜਦੋਂ ਉਹ ਸਭ ਕੁਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖਿਆ।
30ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
31ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ, ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਗਵਾਹੀ ਦੇਣ ਵਾਲੇ ਹਨ।
32ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ।
33ਕਿ ਪਰਮੇਸ਼ੁਰ ਨੇ ਯਿਸੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਅੱਜ ਤੂੰ ਮੇਰੇ ਤੋਂ ਜੰਮਿਆ।
34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ ਅਤੇ ਉਹ ਨੇ ਇਸ ਤਰ੍ਹਾਂ ਆਖਿਆ ਹੈ ਜੋ ਮੈਂ ਦਾਊਦ ਦੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਤੁਹਾਨੂੰ ਦਿਆਂਗਾ।
35ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਕਿ ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਨਹੀਂ ਦੇਵੇਂਗਾ।
36ਦਾਊਦ ਤਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਆਪਣੇ ਲੋਕਾਂ ਦੀ ਸੇਵਾ ਕਰਕੇ ਸੌਂ ਗਿਆ, ਅਤੇ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਸੜ ਗਿਆ।
37ਪਰ ਇਹ ਜਿਸ ਨੂੰ ਪਰਮੇਸ਼ੁਰ ਨੇ ਜਿਉਂਦਾ ਕੀਤਾ, ਨਾ ਸੜਿਆ।
38ਸੋ ਹੇ ਭਾਈਓ, ਇਹ ਜਾਣੋ ਕਿ ਉਸੇ ਦੇ ਦੁਆਰਾ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖ਼ਬਰ ਦਿੱਤੀ ਜਾਂਦੀ ਹੈ।
39ਅਤੇ ਉਸੇ ਦੇ ਦੁਆਰਾ ਹਰੇਕ ਵਿਸ਼ਵਾਸ ਕਰਨ ਵਾਲਾ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਬਿਵਸਥਾ ਦੁਆਰਾ ਬੇਗੁਨਾਹ ਨਾ ਠਹਿਰ ਸਕੇ।
40ਸੋ ਤੁਸੀਂ ਚੌਕਸ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ
41ਹੇ ਤੁਛ ਜਾਣਨ ਵਾਲਿਓ ਵੇਖੋ, ਅਚਰਜ਼ ਮੰਨੋ ਅਤੇ ਨਸ਼ਟ ਹੋ ਜਾਓ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਦਾ ਹਾਂ, ਅਜਿਹਾ ਕੰਮ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸੱਚ ਨਾ ਮੰਨੋਗੇ।
42ਜਦੋਂ ਉਹ ਬਾਹਰ ਨਿੱਕਲ ਰਹੇ ਸਨ ਤਾਂ ਉਹ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਇਹ ਹੀ ਗੱਲਾਂ ਸਾਨੂੰ ਸੁਣਾਈਆਂ ਜਾਣ।
43ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਲੋਕ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤ, ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਉਹਨਾਂ ਨਾਲ ਗੱਲਾਂ ਕਰ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
44ਅਗਲੇ ਸਬਤ ਦੇ ਦਿਨ ਲੱਗਭਗ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ।
45ਪਰ ਯਹੂਦੀ ਵੱਡੀ ਭੀੜ ਨੂੰ ਵੇਖ ਕੇ ਗੁੱਸੇ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਤੇ ਨਿੰਦਾ ਕਰਨ ਲੱਗੇ।

Read ਰਸੂਲਾਂ ਦੇ ਕਰਤੱਬ 13ਰਸੂਲਾਂ ਦੇ ਕਰਤੱਬ 13
Compare ਰਸੂਲਾਂ ਦੇ ਕਰਤੱਬ 13:25-45ਰਸੂਲਾਂ ਦੇ ਕਰਤੱਬ 13:25-45