Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਨਿਆਂਈ - ਨਿਆਂਈ 11

ਨਿਆਂਈ 11:12-28

Help us?
Click on verse(s) to share them!
12ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਸੰਦੇਸ਼-ਵਾਹਕ ਭੇਜ ਕੇ ਅਖਵਾਇਆ, “ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਆਇਆ ਹੈਂ?”
13ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, “ਇਸ ਲਈ ਕਿ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ, ਤਾਂ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਮੇਰਾ ਦੇਸ਼ ਖੋਹ ਲਿਆ ਸੀ, ਇਸ ਲਈ ਹੁਣ ਉਹ ਦੇਸ਼ ਬਿਨ੍ਹਾਂ ਝਗੜਾ ਕੀਤੇ ਮੈਨੂੰ ਮੋੜ ਦੇ।”
14ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਫੇਰ ਅੰਮੋਨੀਆਂ ਦੇ ਰਾਜਾ ਕੋਲ ਭੇਜਿਆ
15ਅਤੇ ਉਸ ਨੂੰ ਕਿਹਾ, “ਯਿਫ਼ਤਾਹ ਇਹ ਕਹਿੰਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦਾ ਦੇਸ਼ ਖੋਹ ਲਿਆ ਸੀ ਅਤੇ ਨਾ ਹੀ ਅੰਮੋਨੀਆਂ ਦਾ ਦੇਸ਼,
16ਪਰ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲੇ ਅਤੇ ਉਜਾੜ ਵਿੱਚੋਂ ਤੁਰਦੇ ਹੋਏ ਲਾਲ ਸਮੁੰਦਰ ਤੱਕ ਚਲੇ ਅਤੇ ਕਾਦੇਸ਼ ਵਿੱਚ ਆਏ
17ਉਸ ਸਮੇਂ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਕੋਲ ਹਲਕਾਰੇ ਭੇਜ ਕੇ ਅਖਵਾਇਆ ਕਿ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘ ਜਾਣ ਦੇ, ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਅਖਵਾ ਭੇਜਿਆ ਅਤੇ ਉਸ ਨੇ ਵੀ ਨਾ ਮੰਨਿਆ। ਇਸ ਲਈ ਇਸਰਾਏਲੀ ਕਾਦੇਸ਼ ਵਿੱਚ ਠਹਿਰੇ।
18ਤਦ ਉਹ ਉਜਾੜ ਵਿੱਚੋਂ ਦੀ ਤੁਰਦੇ ਹੋਏ ਅਦੋਮ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਘੁੰਮ ਕੇ ਮੋਆਬ ਦੇ ਦੇਸ਼ ਦੇ ਪੂਰਬ ਵੱਲ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਆਪਣੇ ਤੰਬੂ ਲਾਏ, ਪਰ ਮੋਆਬ ਦੀ ਹੱਦ ਵਿੱਚ ਅੰਦਰ ਨਹੀਂ ਵੜੇ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਸੀ।
19ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਭੇਜੇ ਅਤੇ ਉਸ ਨੂੰ ਕਿਹਾ, ‘ਸਾਡੀ ਇਹ ਬੇਨਤੀ ਹੈ ਕਿ ਆਪਣੇ ਦੇਸ਼ ਦੇ ਵਿੱਚੋਂ ਦੀ ਸਾਨੂੰ ਸਾਡੇ ਦੇਸ਼ ਵੱਲ ਲੰਘ ਜਾਣ ਦਿਉ।’
20ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਹੋ ਕੇ ਲੰਘਣ ਦਿੰਦਾ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ।
21ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਮੇਤ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਮਾਰ ਲਿਆ। ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ
22ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਉਜਾੜ ਤੋਂ ਲੈ ਕੇ ਯਰਦਨ ਤੱਕ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਅਧਿਕਾਰ ਕਰ ਲਿਆ।
23ਇਸ ਲਈ ਹੁਣ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗਿਓਂ ਕੱਢ ਦਿੱਤਾ ਹੈ, ਤਾਂ ਭਲਾ, ਤੂੰ ਉਸ ਦਾ ਅਧਿਕਾਰੀ ਬਣੇਗਾ?
24ਕੀ ਉਸ ਨੂੰ ਤੂੰ ਕਬਜ਼ੇ ਵਿੱਚ ਨਹੀਂ ਲੈਂਦਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਅਧਿਕਾਰ ਵਿੱਚ ਦਿੰਦਾ ਹੈ? ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਸਾਰੇ ਦੇਸਾਂ ਦੇ ਅਧਿਕਾਰੀ ਹੋਵਾਂਗੇ ਜਿਨ੍ਹਾਂ ਦੇ ਲੋਕਾਂ ਨੂੰ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗਿਓਂ ਕੱਢ ਦੇਵੇਗਾ।
25ਹੁਣ ਭਲਾ ਤੂੰ ਮੋਆਬ ਦੇ ਰਾਜਾ ਸਿੱਪੋਰ ਦੇ ਪੁੱਤਰ ਬਾਲਾਕ ਨਾਲੋਂ ਕੁਝ ਚੰਗਾ ਹੈਂ? ਕੀ ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ?
26ਜਦ ਕਿ ਇਸਰਾਏਲੀ ਹਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਉਨ੍ਹਾਂ ਸਾਰਿਆਂ ਪਿੰਡਾਂ ਵਿੱਚ ਜਿਹੜੇ ਅਰਨੋਨ ਦੇ ਦੋਹਾਂ ਕੰਢਿਆਂ ਦੇ ਨਜ਼ਦੀਕ ਹਨ, ਤਿੰਨ ਸੌ ਸਾਲ ਤੋਂ ਵੱਸਿਆ ਹੈ, ਤਾਂ ਭਲਾ, ਤੁਸੀਂ ਉਹਨਾਂ ਨੂੰ ਇੰਨ੍ਹੇ ਸਮੇਂ ਵਿੱਚ ਵਾਪਿਸ ਕਿਉਂ ਨਹੀਂ ਲਿਆ?
27ਗੱਲ ਕਾਹਦੀ, ਮੈਂ ਤਾਂ ਤੇਰਾ ਵਿਰੁੱਧ ਪਾਪ ਨਹੀਂ ਕੀਤਾ ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈਂ, ਇਸ ਲਈ ਯਹੋਵਾਹ ਹੀ ਜੋ ਨਿਆਈਂ ਹੈ, ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ!”
28ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਅਖਵਾ ਭੇਜੀਆਂ ਸਨ, ਨਾ ਸੁਣਿਆ।

Read ਨਿਆਂਈ 11ਨਿਆਂਈ 11
Compare ਨਿਆਂਈ 11:12-28ਨਿਆਂਈ 11:12-28